Wednesday, August 4, 2010

*ਸ਼ਾਇਰ ਜਰਨੈਲ ਘੁਮਾਣ - ਜਿਸਦੀ ਮੈਨੂੰ ਚਿਰੋਕੀ ਤਲਾਸ਼ ਸੀ*


      - ਜਗਦੇਵ ਸਿੰਘ ਜੱਸੋਵਾਲ
                                            

        ਗੀਤਕਾਰੀ ਤੋਂ ਬਾਅਦ ਸਾਹਿਤ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਲਈ , ਜਰਨੈਲ ਘੁਮਾਣ ਨੇ ਆਪਣੀ ਬੇੜੀ ਆਖਿਰ ਠੇਲ ਹੀ ਦਿੱਤੀ ਹੈ । ਮੈਂ ਚਿਰਾਂ ਤੋਂ ਇਸ ਅੰਦਰ ਛੁਪੇ ਸ਼ਾਇਰ ਨੂੰ ਪਛਾਣ ਤਾਂ ਕਾਫ਼ੀ ਪਹਿਲਾਂ ਹੀ ਲਿਆ ਸੀ ਪਰ ਪ੍ਰਤੱਖ਼ ਵੇਖ਼ਣ ਦੀ ਰੀਝ ਨੂੰ ਬੂਰ ਹੁਣ ਇਸਦੀ ਪਲੇਠੀ ਪੁਸਤਕ 'ਅਧੂਰਾ ਖ਼ੁਆਬ' ਨਾਲ ਪਿਆ ਹੈ । ਜਰਨੈਲ ਘੁਮਾਣ ਨਿਰੰਤਰ ਵਗਦੇ ਨਦੀ ਦੇ ਪਾਣੀ ਦੀ ਤਰ੍ਹਾਂ ਹੈ । ਉਹ ਕਿਸੇ ਵੀ ਮੰਜ਼ਿਲ ਨੂੰ ਪਾ ਕੇ ਰੁੱਕਣਾ ਨਹੀਂ ਜਾਣਦਾ । ਜ਼ਿੰਦਗੀ ਦੇ ਸਫ਼ਰ ਨੂੰ ਉਸਨੇ ਡਿੰਘਾਂ ਨਾਲ ਨਹੀਂ ਤਹਿ ਕੀਤਾ ਸਗੋਂ ਉਹ ਛਪੱੜੇ ਮਾਰ ਮਾਰ ਕੇ ਜੀਵਿਆ ਹੈ ।  ਦਿੜ੍ਹਬੇ ਦੀ ਇਲੈਕਟਰੋਨਿਕਸ ਦੀ ਦੁਕਾਨ ਤੋਂ ਲੈ ਕੇ ਸੀ.ਐਮ.ਸੀ. ਕੰਪਨੀ ਅਤੇ ਅਤਿ ਆਧੁਨਿਕ ਰਿਕਾਰਡਿੰਗ ਸਟੂਡੀਓ ਸੁਰਸੰਗਮ ਤੀਕ ਪਹੁੰਚਿਆ 'ਘੁਮਾਣ' ਪੂਰੀ ਦੁਨੀਆਂ ਘੁੰਮ ਆਇਆ ਹੈ । ਉਹ ਅੱਜ ਵੀ 24-25 ਵਰ੍ਹਿਆ ਦੇ ਜਵਾਨ ਗੱਭਰੂ ਦੀ ਤਰਾਂ ਆਪਣੀਆਂ ਪ੍ਰਵਾਜਾਂ ਨੂੰ ਅੰਜ਼ਾਮ ਦੇਣ ਲਈ ਸੁਪਨੇ ਸਿਰਜਦਾ ਰਹਿੰਦਾ ਹੈ ।



                             ਪੰਜਾਬੀ ਸੰਗੀਤ ਜਮਾਤ ਨੂੰ 'ਘੁਮਾਣ' ਦੀ ਵੱਡਮੁੱਲੀ ਦੇਣ ਨੂੰ ਕਦੇ ਭੁਲਾਇਆਂ ਨਹੀਂ ਜਾ ਸਕਦਾ । ਜਦੋਂ ਪੰਜਾਬ ਦੇ ਗਾਇਕਾਂ , ਢਾਡੀਆਂ ਅਤੇ ਹੋਰ ਕਲਾਕਾਰਾਂ ਨੂੰ ਐਚ.ਅੇਮ.ਵੀ. ਕੰਪਨੀ ਜਾਂ ਉਸ ਦੀਆਂ ਸਮਕਾਲੀ ਰਾਸ਼ਟਰੀ ਕੰਪਨੀਆਂ ਦੀ ਇਜਾਰੇਦਾਰੀ ਨੇੜੇ ਨਹੀਂ ਸੀ ਫਟਕਣ ਦਿੰਦੀ ਤਾਂ ਅਜਿਹੇ ਸਮੇਂ 'ਘੁਮਾਣ' ਨੇ ਇੱਕ ਅੰਤਰਰਾਸ਼ਟਰੀ ਕੰਪਨੀ ਖੋਹਲਕੇ ਨਵੇਂ ਤੇ ਪੁਰਾਣੇ ਕਲਾਕਾਰਾਂ ਦੀਆਂ ਕਿਸਮਤਾਂ ਦੇ ਬੰਦ ਦਰਵਾਜ਼ੇ ਖੋਹਲਣ ਦਾ ਮੌਕਾ ਹੱਥ ਵਿੱਚ ਲਿਆ । ਹਰ ਤਰ੍ਹਾਂ ਦੇ ਗਾਇਕ ਦੇ ਹੱਥਾਂ 'ਚ ਹੱਥ ਪਾ ਕੇ ਤੁਰਿਆ 'ਘੁਮਾਣ' ਪੰਜਾਬੀ ਸੰਗੀਤ ਜਗਤ ਦੀ ਸਿਰਮੌਰ ਸਖਸ਼ੀਅਤ ਵਜੋਂ ਪਹਿਚਾਣ ਬਣਾਉਣ ਵਿੱਚ ਕਾਮਯਾਬੀ ਨਾਲ ਪ੍ਰਵਾਨ ਚੜ੍ਹਿਆ । ਨਵੇਂ ਕਲਾਕਾਰਾਂ ਲਈ ਉਹ ਮਸੀਹਾ ਬਣਕੇ ਬਹੁੜਿਆ ।

                              'ਘੁਮਾਣ' ਦੀ ਇਹ ਸਿਫ਼ਤ ਕਹੀ ਜਾ ਸਕਦੀ ਹੈ ਕਿ ਉਸਨੇ ਨਿਰਾਸ਼ਾ ਨੂੰ ਆਪਣੇ ਚੌਗਿਰਦੇ ਦੇ ਨੇੜੇ ਨਹੀਂ ਫਟਕਣ ਦਿੱਤਾ । ਵਪਾਰਕ ਤੌਰ ਤੇ ਘਾਟੇ ਵਾਧੇ ਸਹਿ ਕੇ ਵੀ ਉਸਦੀ ਚੜ੍ਹਦੀ ਕਲਾਂ ਵਾਲੀ ਸ਼ਵੀ ਕਦੇ ਵੀ ਫਿੱਕੀ ਨਹੀਂ ਜਾਪੀ  । ਅੱਜ ਭਾਵੇਂ ਸੰਗੀਤਕ ਖੇਤਰ ਵਿੱਚ ਵੱਡੀਆਂ ਤਬਦੀਲੀਆ ਆਉਣ ਨਾਲ ਇਸ ਸਨਅਤ ਨਾਲ ਜੁੜੇ ਕਾਫ਼ੀ ਲੋਕ ਕਿਧਰੇ ਗਾਇਬ ਹੋ ਕੇ ਰਹਿ ਗਏ ਹਨ । ਪਰ ਘੁਮਾਣ ਦੀ ਆਪਣੇ ਸੁਰ ਸੰਗਮ ਸਟੂਡੀਓ ਵਿੱਚ ਹਾਜ਼ਰੀ ਅੱਜ ਵੀ ਨਿਰੰਤਰ ਜਾਰੀ ਹੈ । ਜ਼ਿੰਦਗੀ ਦੇ ਵਲਵਲਿਆਂ ਨੂੰ ਉਸਨੇ ਆਪਣੇ ਦਿਮਾਗ਼ ਦੀ ਯਾਦ ਸ਼ਕਤੀ ( Memory ) ਵਿੱਚ ਸੰਭਾਲ ਕੇ ਰੱਖ਼ਿਆ ਹੋਇਆ ਹੈ ਜਿਨਾਂ ਨੂੰ ਉਸਨੇ ਆਪਣੇ ਲੋਕਾਂ ਦੇ ਸਨਮੁੱਖ ਕਰਨ ਲਈ ਕਲਮ ਚੁੱਕ ਲਈ ਹੈ ।ਉਸਦਾ ਲਿਖਣਾ ਕੋਈ ਮੰਜ਼ਿਲ ਪ੍ਰਾਪਤੀ ਲਈ ਨਹੀਂ , ਨਿਰੰਤਰਤਾ ਉਸਦੀ ਲੇਖਣੀ ਦਾ ਮਕਸਦ ਹੈ ।

ਸ : ਜਗਦੇਵ ਸਿੰਘ ਜੱਸੋਵਾਲ ਸਾਹਿਬ ਅਤੇ ਜਰਨੈਲ ਘੁਮਾਣ


ਇਹ ਪਲੇਠੀ ਪੁਸਤਕ "ਅਧੂਰਾ ਖ਼ੁਆਬ" ਉਸਦੇ ਮਨ ਮਸਤਕ 'ਚ ਛੁਪੇ ਖ਼ਿਆਲਾਂ ਦੀ ਖ਼ੁੱਲੀ ਪਟਾਰੀ ਹੈ ।

ਜਿਸਦਾ ਖਰੜਾ ਪੜ੍ਹਦਿਆਂ ਮੈਂ ਇਹ ਭੁੱਲ ਜਾਂਦਾ ਸੀ ਕਿ ਇਹਨਾਂ ਸਤਰਾਂ ਦਾ ਸ਼ਾਇਰ ਜਰਨੈਲ ਘੁਮਾਣ ਹੈ ਜਾਂ ਕੋਈ ਹੋਰ । ਉਹ ਭਾਵੇਂ ਆਪਣੇ ਆਪ ਨੂੰ ਸਿਖਾਂਦਰੂ ਸ਼ਾਇਰ ਵਜੋਂ ਪੇਸ਼ ਕਰਦਾ ਹੈ ਪਰ ਉਸਦੀਆਂ ਰਚਨਾਵਾਂ ਕਲਪਨਾ ਦੇ ਸਮੁੰਦਰ 'ਚ ਏਨੀਆਂ ਡੂੰਘੀਆਂ ਉਤਰ ਜਾਂਦੀਆਂ ਹਨ ਕਿ ਵਾਯੂਮੰਡਲ ਦਾ ਚੇਤਾ ਹੀ ਭੁੱਲ ਜਾਂਦਾ ਹੈ ।



ਕੁੱਝ ਨਾ ਕੁੱਝ ਕਰਦੇ ਰਹਿਣ ਦੀ ਇੱਛਾ ਰੱਖ਼ਣ ਵਾਲਾ ਘੁਮਾਣ ਹਮੇਸ਼ਾ ਗਤੀਸ਼ੀਲ ਲੋਕਾਂ ਸੰਗ ਤੁਰਨ ਦਾ ਆਦੀ ਹੈ । ਜਿੰਨਾਂ ਲੋਕਾਂ ਦੀ ਜੀਵਨ ਪੱਧਰ 'ਚ ਖੜੋਤ ਆ ਜਾਂਦੀ ਹੈ । ਉਸਦੀ ਜਾਂਚੇ ਉਹਨਾਂ ਲੋਕਾਂ ਦਾ ਜੀਣ ਦਾ ਸਲੀਕਾ ਕੋਈ ਮਾਅਨੇ ਨਹੀਂ ਰੱਖਦਾ ।

                ਜਰਨੈਲ ਘੁਮਾਣ ਪੰਜਾਬੀ ਮਾਂ ਬੋਲੀ ਦਾ ਉਹ ਸਾਊ ਪੁੱਤ ਹੈ ਜਿਸਦੇ ਜਿਹਨ ਵਿੱਚ ਇੱਕ ਤੜਫ ਹਮੇਸ਼ਾਂ ਚੀਸ ਪੈਦਾ ਕਰਦੀ ਰਹਿੰਦੀ ਹੈ ਕਿ ਅਸੀ ਆਪਣੀ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਸੁਹਿਰਦ ਨਹੀਂ ਹਾਂ । ਪਿੱਛੇ ਜਿਹੇ ਉਸਨੇ ਆਪਣੇ ਕੁੱਝ ਸਾਥੀਆਂ ਨੂੰ ਲੈ ਕੇ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਦਿਵਾਉਣ ਲਈ ਗੱਜ਼ ਵੱਜ਼ ਕੇ ਹੋਕਾ ਦਿੱਤਾ ਪਰ ਸ਼ਾਇਦ ਉਸਨੂੰ ਉਹ ਹਾਂ ਪੱਖੀ' ਹੁੰਗਾਰਾ ਨਾ ਮਿਲ ਸਕਿਆ ,ਜਿਸ ਦਾ ਸੁਪਨਾ ਸਿਰਜਕੇ ਉਹ ਤੁਰਿਆ ਸੀ । ਫੇਰ ਵੀ ਉਹ ਇਕੱਲਾ ਹੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋ ਕੇ ਕਲਮ ਚੁੱਕ ਝੰਡਾ ਬਰਦਾਰ ਬਣਕੇ ਆਪਣੀ ਕਲਮ ਸੰਗ ਇਸ ਲੰਬੜੇ ਪੈਂਡੇ ਤੇ ਮੂਹਰੈਲ ਬਣ ਤੁਰ ਪਿਆ । ਉਸਦੀ ਸਾਣ ਤੇ ਲੱਗੀ ਕਲਮ ਕਦੇ ਪੰਜਾਬੀ ਦੇ ਆਖੌਤੀ ਵਾਰਿਸਾਂ ਦੇ ਵਖੀਏ ਉਧੇੜਦੀ ,ਆਪਣੇ ਲੋਕਾਂ ਦੀ ਗੱਲ ਕਹਿੰਦੀ ਇਨਕਲਾਬੀ ਗੀਤਕਾਰ 'ਸੰਤ ਰਾਮ ਉਦਾਸੀ' ਤੇ ਕਦੇ 'ਕਵੀ ਪਾਸ਼' ਦਾ ਭੁਲੇਖਾ ਪਾਉਂਦੀ ਹੈ । ਇਹ ਉਸਦੀ ਜਿਹਨੀ ਸੋਚ ਦਾ ਅਸਲੀ ਪ੍ਰਗਟਾਵਾ ਕਹੀਏ ਜਾਂ ਉਸਦੇ ਮਨ ਵਿੱਚ ਛੁੱਪਿਆ ਆਪਣੇ ਲੋਕਾਂ ਦਾ ਦਰਦ 'ਚਾਨਣ ਦੇ ਵਣਜਾਰਿਆਂ' ਲਈ ਇਸਦੇ ਇੱਕੋ ਅਰਥ ਹਨ ।



       ਜਰਨੈਲ ਘੁਮਾਣ ਨੇ ਆਪਣੀਆਂ ਸਮੁੱਚੀਆਂ ਰਚਨਾਵਾਂ ਵਿੱਚ ਪੰਜਾਬੀ ਸਭਿਆਚਾਰ 'ਚ ਓਤ ਪ੍ਰੋਤ ਰੁਮਾਂਟਿਕ ਰਚਨਾਂਵਾਂ ਨੂੰ ਵੀ ਬੜੀ ਸ਼ਿੱਦਤ ਨਾਲ ਲਿਖਿਆ ਹੈ ਜਿਵੇਂ ਉਹ 'ਸ਼ਿਵ' ਦਾ ਉਪਾਸਕ ਹੋਵੇ , ਪਰ ਮੈਂ ਘੁਮਾਣ ਨੂੰ ਉਸਦੀ ਜਿਹਨੀ ਸੋਚ ਚੋਂ ਚੰਗੀ ਤਰਾਂ ਪਛਾਣਦਾ ਹਾਂ ਕਿ ਉਹ ਆਪਣੇ ਬਜਾਏ ਲੋਕਾਂ ਨੂੰ ਹੀ ਮੁਖਾਤਿਬ ਹੋਣ ਲਈ ਰੋਮਾਂਚ ਰੂਪੀ ਲਹਿਜੇ ਦੀ ਵਰਤੋਂ ਜਾਣ ਬੁੱਝ ਕਰ ਰਿਹਾ ਹੈ । ਉਸਨੁੰ ਸ਼ਬਦਾਂ ਨੂੰ ਫੜ ਲੈਣ ਦੀ ਚੰਗੀ ਜਾਂਚ ਆ ਗਈ ਹੈ ਤੇ ਨਾਲ ਹੀ ਲਹਿਜੇ 'ਚ ਆਪਣੀ ਗੱਲ ਕਹਿਣ ਦਾ ਸਲੀਕਾ ਵੀ ਆ ਗਿਆ ਹੈ ।



        ਮੈਂ ਘੁਮਾਣ ਨੂੰ ਪਿਛਲੇ 20-22 ਵਰ੍ਹਿਆਂ ਤੋਂ ਜਾਣਦਾ ਹਾਂ । ਮੈਂ ਉਹਨੂੰ ਨਾ ਕਦੇ ਵਪਾਰੀ ਬੰਦਾ ਬਣਿਆ ਵੇਖਿਆ ਹੈ ਤੇ ਨਾ ਹੀ ਵਪਾਰ ਦੀ ਮੰਡੀ ਵਿੱਚ ਅਜਿਹੇ ਲੋਕ ਬਹੁਤਾ ਚਿਰ ਟਿਕ ਸਕਦੇ ਹਨ । ਵਪਾਰੀ ਲੋਕਾਂ ਦੀ ਨਜ਼ਰ 'ਚ ਘੁਮਾਣ ਭਾਵੇਂ ਕੁੱਝ ਹੋਰ ਹੋਵੇ , ਮੇਰੀ ਨਜ਼ਰ ਹਮੇਸ਼ਾ ਇਸਦੇ ਅੰਦਰ ਛੁਪੇ ਸ਼ਾਇਰ ਨੂੰ ਤਲਾਸ਼ਦੀ ਹੀ ਰਹੀ ਹੈ । ਮੈਨੂੰ ਇਸ ਕਿਤਾਬ ਨਾਲ ਬੜੀਆਂ ਆਸਾਂ ਦੀ ਉਮੀਦ ਜਾਗ ਪਈ ਹੈ ਕਿ ਘੁਮਾਣ ਦੀ ਇਹ ਪ੍ਰਵਾਜ਼ ਪਰਿੰਦਿਆਂ ਦੇ ਹਾਣ ਦੀ ਹੁੰਦੀ ਪੰਜਾਬੀ ਅੰਬਰ ਤੇ ਉਕਾਬ ਬਣਕੇ ਉਡਾਰੀਆਂ ਮਾਰੇਗੀ ।



       ਸੱਚ ਕਿਹਾ ਜਾਂਦਾ ਹੈ ਕਿ ਕਲਮ ਦੀ ਤਾਕਤ ਤਲਵਾਰ ਦੀ ਤਿੱਖੀ ਧਾਰ ਤੋਂ ਵੀ ਜ਼ਿਆਦਾ ਤਾਕਤਵਰ ਹੁੰਦੀ ਹੈ । ਤਲਵਾਰ ਦਾ ਵਾਰ ਮਨੁੱਖ਼ੀ ਸ਼ਰੀਰ ਸਹਿ ਸਕਦਾ ਹੈ ਪਰ ਕਲਮ ਦਾ ਵਾਰ ਜਿਹਨੀ ਤੌਰ 'ਤੇ ਅਜਿਹਾ ਅਸਰ ਅੰਦਾਜ਼ ਸਿੱਧ ਹੁੰਦਾ ਹੈ ਕਿ ਮਨੁੱਖ ਸ਼ਰੀਰਕ ਤੇ ਮਾਨਸਿਕ ਤੌਰ 'ਤੇ ਦੋਹਾਂ ਤਰ੍ਹਾਂ  ਨਾਲ ਨਿਰਬਲ ਹੋ ਕੇ ਕਲਮਕਾਰ ਅੱਗੇ ਆਪਣੀ ਹਾਰ ਕਬੂਲ ਕਰ ਲੈਂਦਾ ਹੈ । ਘੁਮਾਣ ਨੇ ਆਪਣੀ ਕਲਮ ਸੰਗ ਅਜਿਹੇ ਹੀ ਵਾਰ ਸਮਾਜ ਵਿਰੋਧੀਆਂ ਉਪਰ ਕੀਤੇ ਹਨ ਜਿਹਨਾ ਦਾ ਅਸਰ ਪ੍ਰਤੱਖ ਵੇਖ਼ਣ ਨੂੰ ਮਿਲੇਗਾ । ਭਾਵੇਂ ਉਹ ਲੋਕ ਦੋਖ਼ੀ ਨਿਜ਼ਾਮ ਦੇ ਸਿਰਜਨਹਾਰਿਆਂ ਅਤੇ ਉਸਦੇ ਰਾਖ਼ਿਆਂ ਤੇ ਹੋਣ ਜਾਂ ਨਿੱਜੀ ਵਿਰੋਧ 'ਚ ਸੱਚ ਦੀ ਸੋਚ ਨੂੰ ਖੁੰਢਾਂ ਕਰਨ ਵਾਲਿਆ ਤੇ ਹੋਣ । ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮਿਹਨਤਕਸ਼ ਲੋਕਾਂ ਨਾਲ ਕੀਤੀ ਜਾਂਦੀ ਬੇਇਨਸਾਫ਼ੀ ਦੇ ਖਿਲ਼ਾਫ਼ ਘੁਮਾਣ ਦੀ ਕਲਮ ਬੇਖੌਫ਼ ਹੋ ਕੇ ਆਪਣੀ ਬੇਬਾਕ ਗੱਲ ਕਹਿਣ ਦੀ ਜੁਅਰਤ ਰੱਖਦੀ ਹੈ । ਜਿਹੜੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ।



    ਘੁਮਾਣ ਦੀ ਸੋਚ ਮਿਹਨਤਕਸ਼ ਕਿਸਾਨਾਂ,ਮਜ਼ਦੂਰਾਂ ਲਈ ਵਚਨਬੱਧਤਾ ਦਾ ਪ੍ਰਗਟਾਵਾ ਬੜੇ ਸੰਵੇਦਨਸ਼ੀਲ਼ ਢੰਗ ਨਾਲ ਕਰਦੀ ਹੈ ਤੇ ਇੱਕ ਇਨਕਲਾਬੀ ਸ਼ਾਇਰ ਵਾਂਗ ਉਹ ਕਲਮ ਸੰਗ ਇਸ ਵਰਗ ਦੀ ਨਪੀੜੀ ਜਾਂਦੀ ਜ਼ਿੰਦਗੀ ਨੂੰ ਆਜ਼ਾਦ ਕਰਵਾਉਣ ਲਈ ਆਖੌਤੀ ਆਜ਼ਾਦੀ ਨੂੰ ਇੰਝ ਮੁਖਾਤਿਬ ਹੁੰਦਾ ਹੈ :



ਸੱਠ ਨੂੰ ਤਾਂ ਤੂੰ ਵੀ ਟੱਪੀ ,ਅੱਸੀਆਂ ਨੂੰ ਮੈਂ ਢੁੱਕੀ ,ਓਹੀ ਨੇ ਗਲੋਟੇ ,ਓਹੀ ਪੂਣੀਆਂ ।

ਕਿਰਤਾਂ ਦਾ ਖ਼ੂਹ ਗੇੜ ਗੇੜ ਥੱਕ ਹਾਰ ਚੁੱਕੇ , ਰੀਝਾਂ ਦੀਆਂ ਟਿੰਡਾਂ ਹਾਲੇ ਊਣੀਆਂ ।

ਖੁਸ਼ੀਆਂ ਦਾ ਮੀਂਹ ਵਰਸਾਈਂ ਨੀ ਆਜ਼ਾਦੀਏ , ਸੁੱਕੇ ਸੁੱਕੇ ਰਹਿ ਚੱਲੇ ਚਾਅ ।

ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀ ਏ ,ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥



              ਘੁਮਾਣ ਇੱਕ ਪ੍ਰਤੀਵੱਧ ਗੀਤਕਾਰ ਰਿਹਾ ਹੈ ਤੇ ਉਸਦੀ ਕਲਮ ਸੰਗ ਉਪਜੇ ਗੀਤਾਂ ਤੇ ਛੇਤੀ ਕੀਤਿਆਂ ਉਂਗਲ ਨਹੀ ਧਰੀ ਜਾ ਸਕਦੀ । ਆਪਣੇ ਗੀਤਕਾਰੀ ਦੇ ਸਿੱਖੇ ਅਨੁਭਵ ਤੇ ਵਿਸ਼ਿਆਂ ਦੀ ਚੋਣ ਪ੍ਰਤੀ ਉਹ ਆਪਣੇ ਹਾਣੀ ਕਲਮਕਾਰਾਂ ਨੂੰ ਇੰਝ ਸੰਬੋਧਨ ਹੁੰਦਾਂ ਹੈ ;



ਐ ਸਮੇਂ ਦੇ ਹਾਣੀਓ !

ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ ।

ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ ।

ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ ।

ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।

ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ ॥



ਵਕਤ ਦੀ ਨਜ਼ਾਕਤ ਪਛਾਣਦਿਆਂ ਘੁਮਾਣ ਵਰਤਮਾਨ ਵਰਤਾਰੇ ਨੂੰ ਵੀ ਚੰਗੀ ਤਰ੍ਹਾਂ ਭਾਂਪਦਾ ਹੈ । ਮੌਜੂਦਾ ਅਲਟਰਾ ਸਾਉਂਡ ਮਸ਼ੀਨਾਂ ਦੀ ਦੁਰਵਰਤੋਂ ਦੁਆਰਾ ਕੁੱਖਾਂ 'ਚ ਕਤਲ ਕੀਤੀਆਂ ਜਾਂਦੀਆਂ ਧੀਆਂ ਦਾ ਦਰਦ ਉਸਦੀ ਕਲਮ ਨੂੰ ਝੰਜੋੜਦਾ ਹੈ ਤਾਂ ਕਲਮੋਂ ਫੁੱਟੇ ਇਹ ਸ਼ਬਦ ਘੁਮਾਣ ਦੀ ਸਮਾਜ ਪ੍ਰਤੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ ;



ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ ।

ਮਾਂ ਨੇ ਆਪਣੇ ਖੂਨ ਚੋਂ ਉਪਜੀ , ਕੁੱਖ ਵਿੱਚ ਮਾਰ ਮੁਕਾਤੀ ।

ਕੁਲ ਤੁਰਦੀ ਕੁੜੀਆਂ ਨਾਲ ਅਗਾਂਹ ,

ਧੀ , ਭੈਣ , ਵਹੁਟੀ ਤੇ ਬਣਦੀ ਮਾਂ ,

ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ ,

ਧੀ ਸਹੁਰੇ ਘਰ ਵੀ ਸਾਂਭੂ ਤਾਂ ,

ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ ।

ਲੋੜ ਹੈ ! ਮੇਰੇ ਲੋਕਾਂ ਨੰ ,ਇੱਕ ਦਿਸ਼ਾ ਦੇਣ ਦੀ ਲੋੜ ਹੈ ॥



ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਹੁੰਦੀ ਜਾ ਰਹੀ ਦੁਰਦਸ਼ਾ ਬਾਰੇ ਘੁਮਾਣ ਦੀ ਕਲਮ ਬਹੁਤ ਚਿੰਤੁਤ ਨਜ਼ਰ ਆਉਂਦੀ ਹੈ । ਆਪਣੇ ਹਿੱਸੇ ਦੇ ਫਰਜ਼ਾਂ ਤੇ ਪਹਿਰਾ ਦਿੰਦਿਆਂ ,ਉਹ ਸਭਿਆਚਾਰ ਦੇ ਵਾਰਿਸਾਂ ਨੂੰ ਇੱਕ ਸਵਾਲ ਕਰਦੀ ਹੈ ;



ਸਮੇਂ ਨਾਲ ਬਦਲਾਅ ਜਰੂਰੀ , ਬਦਲ ਜਾਓ " ਘੁਮਾਣ " ਤੁਸੀਂ ।

ਮਾਂ ਬੋਲੀ ਤੇ ਵਿਰਸਾ ਬਦਲ ਕੇ , ਖੋ ਨਾ ਲਿਓ ਪਛਾਣ ਤੁਸੀਂ ।

ਸ਼ੇਰ ਪੰਜਾਬੀ ਨਾਲ ਜਾਣਦਾ , ਤੁਸਾਂ ਨੂੰ ਕੁੱਲ ਸੰਸਾਰ ਇਹ ।

ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

                'ਘੁਮਾਣ' ਨੇ ਇਸ ਪਲੇਠੀ ਪੁਸਤਕ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਪਾਠਕਾਂ ਦੇ ਰੂਬਰੂ ਕਰਕੇ ਵਾਕਿਆਂ ਹੀ ਸਲਾਹੁਣ ਯੋਗ ਕਾਰਜ ਕਰ ਵਿਖਾਇਆ ਹੈ । ਇਸਨੇ ਪੰਜਾਬੀ ਦੇ ਹਰ ਵਿਸ਼ੇ ਤੇ ਕਲਮ ਅਜ਼ਮਾਈ ਕਰਕੇ,ਪੰਜਾਬੀ ਸਾਹਿਤ ਦੀਆਂ ਅਣਗਿਣਤ ਵੰਨਗੀਆਂ ਨੂੰ ਇੱਕੋਂ ਮਾਲਾ ਵਿੱਚ ਪ੍ਰੋਇਆ ਹੈ । ਜਿਸ ਲਈ ਸ਼ਾਇਰ ਵਧਾਈ ਦਾ ਹੱਕਦਾਰ ਹੈ । ਮੈਨੂੰ ਇਹ ਪੁਸਤਕ ਪੰਜਾਬੀ ਪਾਠਕਾਂ ਦੀ ਸੱਥ ਵਿੱਚ ਪੇਸ਼ ਕਰਕੇ ਅਤਿਅੰਤ ਖੁਸ਼ੀ ਮਹਿਸੂਸ ਹੋ ਰਹੀ ਹੈ । ਭਾਵੇਂ ਹੱਥਲੀ ਪੁਸਤਕ ਦਾ ਨਾਂ ਸ਼ਾਇਰ ਨੇ 'ਅਧੂਰਾ ਖ਼ੁਆਬ' ਚੁਣਿਆ ਹੈ ਪਰ ਮੇਰੇ ਵਾਸਤੇ ਇਹ ਪੁਸਤਕ ਇੱਕ ਪੂਰਾ ਖ਼ੁਆਬ ਹੀ ਹੋ ਨਿਬੜੀ ਹੈ ਜਿਸ ਨੇ ਮੇਰੀ ਚਿਰੋਕੀ ਰੀਝ ਨੂੰ ਅੱਜ ਪੂਰਾ ਕੀਤਾ ਹੈ ।



ਸ਼ਾਲਾ ! ਇਸ ਕਲਮ ਵਿਚਲ਼ੀ ਸਿਆਹੀ ਹੁਣ ਕਦੇਂ ਨਾ ਸੁੱਕੇ ਅਤੇ ਇਹ ਕਲਮ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ।

ਆਮੀਣ !



ਮਿਤੀ : 12-6-2010

                                                          ਜਗਦੇਵ ਸਿੰਘ ਜੱਸੋਵਾਲ

                                                                  ਚੇਅਰਮੈਨ

                                              ਪ੍ਰੋ . ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ

                                                                      ਲੁਧਿਆਣਾ ।

***************************************************************
Key Words about jarnail ghuman search : punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com

2 comments: