Wednesday, August 4, 2010

*** ਲੋਕ ਪੀੜਾਂ ਨੂੰ ਪ੍ਰਨਾਇਆ ਸ਼ਾਇਰ -ਜਰਨੈਲ ਘੁਮਾਣ ***





   -  ਸੁਰਿੰਦਰ ਸਿੰਘ              


ਸੱਚ ਦੀ ਸਰਦਲ 'ਤੇ ਨਤਮਸਤਕ ਹੁੰਦਿਆਂ ਜਦੋਂ ਵੀ ਮੈਂ ਆਪਣੇ ਚੌਗਿਰਦੇ ਵਿੱਚ ਵਾਪਰ ਰਹੇ ਵਰਤਾਰੇ ਨੂੰ ਘੋਖਦਾ ਹਾਂ ਤਾਂ ਮੈਂਨੂੰ ਇੰਝ ਮਹਿਸੂਸ ਹੁੰਦਾਂ ਹੈ ਕਿ ਹੱਥੀਂ ਕਿਰਤ ਕਰਨ ਵਾਲੇ ਮਿਹਨਤਕਸ਼ ਮਜਦੂਰਾਂ ,ਕਿਸਾਨਾਂ ਦੀ ਗੱਲ ਕਰਨ ਵਾਲੇ ਜਾਂ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਣ ਵਾਲੇ ਸਾਹਿਤਕਾਰ , ਕਲਮਕਾਰ ਜਾਂ ਕੋਈ ਹੋਰ ਕਲਾਕਾਰ ਵੱਡੀ ਭੀੜ ਵਿੱਚ ਟਾਵੇਂ , ਵਿਰਲੇ ਹੀ ਹਨ ਜਾਂ ਇੰਝ ਕਹਿ ਲਵੋ ਕਿ ਆਟੇ 'ਚ ਲੂਣ ਦੀ ਤਰਾਂ੍ਹ ਹਨ । ਲੋਕਾਂ ਦੇ ਦਰਦ ਦੀ ਗੱਲ ਸਹੀ ਮਾਅਨਿਆਂ 'ਚ ਉਹ ਹੀ ਕਰ ਸਕਦੇ ਹਨ ਜਿੰਨਾਂ ਨੇ ਇਹਨਾਂ ਵਰਗਾਂ ਦੀ ਤਕਲੀਫ਼ ਨੂੰ ਤਨ 'ਤੇ ਹੰਢਾਇਆ ਹੋਵੇ । ਪਾਸ਼ ਦੀ ਕਵਿਤਾ ਦੇ ਬੋਲ ਹਨ 'ਜਿੰਨਾ ਨੇ ਤੱਕੀਆਂ ਨਹੀਂ ਕੋਠਿਆਂ 'ਤੇ ਸੁਕਦੀਆਂ ਸੁਨਿਹਰੀ ਛੱਲੀਆਂ , ਉਹ ਕਦੇ ਨਹੀਂ ਸਮਝਣ ਲੱਗੇ ਮੰਡੀ 'ਚ ਰੁਲਦੇ 'ਚ ਭਾਅ ।


ਜਰਨੈਲ ਘੁਮਾਣ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਸਥਾਪਿਤ ਨਾਂ ਹੈ । ਉਸਨੇ ਆਪਣੀ ਕਲਮ ਮੂੰਹੋ ਫੁੱਟੇ ਸ਼ਬਦਾਂ ਨੂੰ ਅਜਿਹੀ ਲੜੀ ਵਿੱਚ ਪਰੋਇਆ ਹੈ ਜਿਸਤੋਂ ਸਪੱਸ਼ਟ ਝਲਕ ਮਿਲਦੀ ਹੈ ਕਿ ਉਹ ਲੋਕਾਂ ਦੇ ਦਰਦ ਦੀ ਗੱਲ ਕਰਦਾ ਕਰਦਾ , ਆਪਣੇ ਲੋਕਾਂ ਦੇ ਬਹੁਤ ਨੇੜੇ ਹੋ ਕੇ ਸਾਹਿਤ ਸਿਰਜਨਾ ਕਰਨ ਵਾਲਾ ਪ੍ਰਤੀਬੱਧ ਸ਼ਾਇਰ ਹੈ । ਪਰਖ ਦੀ ਕਸਵੱਟੀ 'ਤੇ ਪਰਖੀਏ ਤਾਂ ਉਹ ਲੋਕ ਪੀੜਾਂ ਨੂੰ ਪ੍ਰਨਾਇਆ ਹੋਇਆ ਸ਼ਾਇਰ ਹੈ ।

ਫੁਰਸਤ ਦੇ ਪਲਾਂ ਵਿੱਚ ਜਦੋਂ ਵੀ ਮੈਂ ਜਰਨੈਲ ਘੁਮਾਣ ਨੂੰ ਵਿਚਾਰਾਂ ਦੀ ਕਸਵੱਟੀ 'ਤੇ ਪਰਖਣ ਦੀ ਕੋਸ਼ਿਸ ਕਰਦਾ ਹਾਂ ਤਾਂ ਉਸਦੇ ਅੰਦਰ ਸਮੋਇਆ ਲੋਕਾਂ ਦਾ ਦਰਦ ਆਪ ਮੁਹਾਰੇ ਬੁਲ੍ਹਾਂ 'ਤੇ ਆਉਣ ਨਾਲ ਉਸਦਾ ਮਿਹਨਤਕਸ਼ ਜਮਾਤ ਨਾਲ ਅੰਤਾਂ ਦਾ ਮੋਹ ਡੁੱਲ੍ਹ ਡੁੱਲ੍ਹ ਪੈਂਦਾਂ ਹੈ । ਜਿਸਨੂੰ ਉਸਨੇ ਆਪਣੀਆਂ ਰਚਨਾਵਾਂ ਵਿੱਚ ਬਾਖੂਬੀ ਨਿਭਾਇਆ ਹੈ , ਜਿਸਦੀ ਮੈਨੂੰ ਅਤਿਅੰਤ ਖੁਸ਼ੀ ਹੈ । 'ਅਧੂਰਾ ਖ਼ੁਆਬ' ਜਰਨੈਲ ਘੁਮਾਣ ਦੀ ਪਲੇਠੀ 'ਕਾਵਿ ਪੁਸਤਕ' ਹੈ । ਇਸਨੂੰ ਪੜ੍ਹਦਿਆਂ ਲੋਕਾਂ ਦੇ ਦਰਦ ਦੀ ਗੱਲ ਕਰਨ ਦੇ ਸਲੀਕੇ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ । ਉਸਦਾਂ ਰਚਨਾਵਾਂ ਨੂੰ ਪੜਦਿਆਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਜਰਨੈਲ ਘੁਮਾਣ ਦੇ ਜਿਹਨ ਵਿੱਚ ਇਨਕਲਾਬੀ ਸਪਿਰਟ ਅੰਗੜਾਈਆਂ ਭਰ ਰਹੀ ਹੋਵੇ ਤੇ ਉਹ ਆਪਣੇ ਲੋਕਾਂ ਨੂੰ ਸ਼ਰਮਾਏਦਾਰੀ ਸਿਸਟਮ ਦੇ ਚੰਦਰੇ ਮਨਸੂਬਿਆਂ ਤੋਂ ਸੁਚੇਤ ਕਰਨ ਲਈ ਆਪਣੀਆਂ ਰਚਨਾਵਾਂ ਨੂੰ ਇੱਕ ਹਥਿਆਰ ਵਜੋਂ ਵਰਤਨ ਦੀ ਕੋਸ਼ਿਸ ਕਰਦਾ ਹੈ । ਸ਼ਾਇਰ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹੈ ਕਿ ਸ਼ਰਮਾਏਦਾਰੀ ਸਿਸਟਮ ਵਿੱਚ ਇੱਕ ਵਰਗ ਅਜਿਹਾ ਹੈ ਜੋ ਕਿ ਹੱਥੀਂ ਹੱਡ ਭੰਨਵੀਂ ਮਿਹਨਤ ਕਰਕੇ ਵੀ ਇੱਕ ਡੰਗ ਦੀ ਰੋਟੀ ਤੋਂ ਮੁਹਤਾਜ ਹੈ ਤੇ ਦੂਸਰੇ ਪਾਸੇ ਇਸ ਵਰਗ ਦਾ ਖੂਨ ਪੀ ਰਹੇ ਮੁੱਠੀ ਭਰ ਸ਼ਰਮਾਏਦਾਰਾਂ ਦਾ ਟੋਲਾ ਹੈ ,ਜਿੰਨਾਂ ਦੇ ਕੁੱਤੇ ਵੀ ਬਿਸਕੁਟ ਖਾਂਦੇ ਹਨ । ਇਸ ਤਰਾਸਦੀ ਨੂੰ ਸ਼ਾਇਰ ਦੀ ਕਲਮ ਆਪਣੇ ਮੁਖਾਰਬਿੰਦ ਤੋਂ ਇੰਝ ਮੁਖਤਿਬ ਹੁਮਦਿ ਹੈ :-



ਗੂੰਗੀ ਪਰਜ਼ਾ ਰਾਜੇ ਬੋਲੇ ,

ਕਿਥੋਂ ਕੋਈ ਨਿਆਂ ਨੂੰ ਟੋਹਲੇ ,

ਹੱਕ ਮੰਗਦਿਆਂ ਗੋਲੀ ਮਿਲਦੀ ,

ਰੋਟੀ ਮੰਗੀਏ ਹੂਰੇ ।

ਬਾਲਕ ਜਿੱਥੇ ਭੁੱਖ਼ੇ ਮਰਦੇ ,

ਬਿਸਕੁਟ ਖਾਣ ਕਤੂਰੇ ॥


ਅਗਲੀਆਂ ਸਤਰਾਂ ਵਿੱਚ ਸ਼ਾਇਰ ਦੀ ਕਲਮ ਮਿਹਨਤਕਸ਼ ਲੋਕਾਂ ਨੂੰ ਸੁਚੇਤ ਰੂਪ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ ਕਰਦੀ ਹੈ :-


ਪੱਖ਼ੀ ਝੱਲ ਕੇ ਗਰਮੀ ਕੱਟ ਲੈ ,

ਅੱਗ ਸੇਕ ਕੇ ਸਰਦੀ ।

ਤੇਰੀ ਗਰਮੀ ਸਰਦੀ ਲਈ ,

ਸਰਕਾਰ ਨਹੀ ਕੁੱਝ ਕਰਦੀ ।

ਵਾਅਦੇ ਸਿਰਫ਼ ਕਿਤਾਬੀ ਗੱਲਾਂ , ਕਰਨ ਨਾ ਨੇਤਾ ਪੂਰੇ ।

ਬਾਲਕ ਜਿੱਥੇ ਭੁੱਖ਼ੇ ਮਰਦੇ , ਬਿਸਕੁਟ ਖਾਣ ਕਤੂਰੇ ॥



ਲੋਕ ਦੋਖ਼ੀ ਨਿਜ਼ਾਮ ਦੀ ਸਲਾਮਤੀ ਲਈ ਮੁੱਠੀ ਭਰ ਸ਼ਰਮਾਏਦਾਰਾਂ ਦੇ ਟੁਕੜਿਆਂ 'ਤੇ ਪਲਦੇ ਪਾਲਤੂ ਕੁੱਤੇ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਦੋਂ ਕੋਈ ਬਾਗ਼ੀ ਸੁਰ ਆਪਣੇ ਜਾਂ ਆਪਣੇ ਲੋਕਾਂ ਦੇ ਹੱਕ ਮੰਗਣ ਲਈ ਹੱਥ ਹਵਾ 'ਚ ਲਹਿਰਾਉਂਦੀ ਹੈ ਤਾਂ ਉਸਦੀ ਸੋਚ ਨੂੰ ਖੁੰਡਾ ਕਰਨ ਲਈ ਲੱਚਰ ਸਾਹਿਤ ਤੇ ਬੁਹੁਦਾ ਗੀਤ ਸੰਗੀਤ ਦੇ ਸੁਆਦ 'ਚ ਉਲਝਾ ਲਿਆ ਜਾਵੇ । ਸ਼ਾਇਰ ਨਿੱਜੀ ਤੌਰ 'ਤੇ ਇਸ ਵਰਤਾਰੇ ਤੋਂ ਚੰਗੀ ਤਰਾਂ੍ਹ ਵਾਕਿਫ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਆਪਣੇ ਅਸਲੀ ਫਰਜ਼ਾਂ ਤੋਂ ਥਿੜਕਾਉਣ ਲਈ ਹਾਕਮ ਜਮਾਤਾਂ ਕਿਵੇਂ ਊਲ ਜਲੂਲ ਢੰਗ



ਨਾਲ ਟੀ.ਵੀ. ਚੈਨਲਾਂ ਜਾਂ ਹੋਰ ਸੰਚਾਰ ਸਾਧਨਾਂ ਰਾਹੀ ਘਟੀਆ ਪੱਧਰ ਦੀ ਪੇਸ਼ਕਾਰੀ ਪ੍ਰਚਾਰਕੇ ਆਪਣੇ ਮਨਸੂਬੇ ਪੂਰੇ ਕਰ ਲੈਂਦੀਆਂ ਹਨ । ਨਸ਼ੇ ਭਰਭੂਰ ਤੇ ਕਾਮ ਉਕਸਾਊ ਫਿਲਮਾਂ ਪਰੋਸ ਕੇ ਉਨਾਂ੍ਹ ਦੀ ਸੋਚ ਸਹੀ ਪਾਸੇ ਜਾਣ ਤੋਂ ਰੋਕਣ ਲਈ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਅੁਣ ਦੇ ਸਬਜ਼ ਬਾਗ ਵਿਖਾਏ ਜਾਂਦੇ ਹਨ । ਅਜਿਹੀਆਂ ਲੂੰਬੜ ਚਾਲਾਂ ਨਵੀਂ ਪੀੜੀ੍ਹ ਦਾ ਨੌਜਵਾਨ ਵਰਗ ਸਮਝ ਨਹੀ ਸਕਦਾ ਤੇ ਉਹ ਅਜਿਹੇ ਕੁਰਾਹੇ ਪੈ ਤੁਰਦਾ ਹੈ ਜਿਸਤੋਂ ਮੁੜਦਿਆਂ ਮੁੜਦਿਆਂ ਉਹ ਆਪਣੇ ਜੀਵਨ ਦਾ ਵਧੇਰੇ ਪੈਂਡਾ ਤਹਿ ਕਰ ਚੁੱਕਿਆ ਹੁੰਦਾ ਹੈ । ਜਦੋਂ ਤੀਕ ਉਸਨੂੰ ਸਹੀ ਫਰਜ਼ਾਂ ਦੀ ਪਹਿਚਾਣ ਕਰਨ ਦੀ ਜਾਚ ਆਉਦੀ ਹੈ ਉਦੋਂ ਤੀਕ ਉਸਦੀ ਜਵਾਨੀ ਦਾ ਜੋਸ਼ ਮੱਠਾ ਪੈ ਚੁੱਕਾ ਹੁੰਦਾ ਹੈ । ਅਜਿਹੀਆਂ ਸਥਿਤੀਆਂ ਨੂੰ ਭਾਂਪਦਿਆਂ ਸ਼ਾਇਰ ਆਪਣੇ ਪੰਜਾਬ ਦੀ ਜਵਾਨੀ ਨੂੰ ਸੁਚੇਤ ਕਰਨ ਲਈ ਆਪਣੀ ਕਲਮ ਦਾ ਇਸਤੇਮਾਲ ਕਰਦਾ ਹੈ :-


ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,

ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ 'ਚ ਰੋਹੜ ਦਿੱਤਾ ,

ਮਹਿਕ ਵਿਹੂਣਾ ,ਕਿਉਂ ਗੁਲਾਬ ਹੋਈ ਜਾਂਦਾ ਏ ।

ਬਰਬਾਦ ਰੰਗਲਾ ਪੰਜਾਬ ਹੋਈਂ ਜਾਂਦਾ ਏ ॥

-------------------------

ਪੰਜਾਬ ,ਜਿਸਨੂੰ ਭਾਰਤ ਦਾ ਸਭ ਤੋਂ ਵਧੇਰੇ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਵਰਤਮਾਨ ਸਥਿੱਤੀਆਂ ਵਿੱਚ ਇਸਦੀ ਤਰਾਸਦੀ ਅਸਲੀ ਤਸਵੀਰ ਤੋਂ ਬਿਲਕੁਲ ਉਲਟ ਹੈ । ਪੰਜਾਬ ਦਾ ਕਿਸਾਨ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਤੇ ਦਿਨ ਰਾਤ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਧਰ ਕੇ ਪੁੱਤਾਂ ਵਾਂਗ ਫਸਲਾਂ ਨੂੰ ਪਾਲਦਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀਆਂ ਖੇਤੀ ਨੀਤੀਆਂ ਨੇ ਉਸਦੇ ਅਰਥਚਾਰੇ ਨੂੰ ਤਹਿਸ ਨਹਿਸ ਕਰ ਸੁਟਿਆ ਹੈ । ਮਹਿੰਗੇ ਭਾਅ ਦਾ ਡੀਜ਼ਲ , ਮਣਾਂ ਮੂੰਹੀ ਰਸਾਇਣਕ ਖਾਦਾਂ ਦੀ ਵਰਤੋਂ ਤੇ ਕੀੜੇਮਾਰ ਦਵਾਈਆਂ ਉਸਦੇ ਪੱਲੇ ਕੁੱਝ ਨਹੀਂ ਪੈਣ ਦਿੰਦੀਆਂ । ਸ਼ਾਹਾਂ ਦੇ ਕਰਜ਼ੇ ਦੀ ਮਾਰ ਨੇ ਉਸਨੂੰ ਖੁਦਕੁਸ਼ੀਆਂ ਦੇ ਰਾਹੇ ਪੈ ਜਾਣ ਲਈ ਮਜਬੂਰ ਕਰ ਦਿੱਤਾ ਹੈ । ਇੱਕ ਪੱਤਰਕਾਰ ਹੋਣ ਦੇ ਨਾਤੇ ਮੇਰਾ ਵਾਹ ਅਜਿਹੀਆਂ ਦਿਲ ਕੰਬਾਊ ਖ਼ਬਰਾਂ ਨਾਲ ਪੈਂਦਾ ਰਹਿੰਦਾ ਹੈ ।ਜਿੰਨਾ ਨੂੰ ਸੰਪਾਦਿਤ ਕਰਦਿਆਂ ਮੇਰੀ ਰੂਹ ਕੰਬਕੇ ਰਹਿ ਜਾਂਦੀ ਹੈ । ਅਜਿਹੇ ਬ੍ਰਿਤਾਂਤ ਨੂੰ ਘੁਮਾਣ ਆਪਣੀ ਸਾਹਿਤ ਸਿਰਜਨਾਂ ਦਾ ਹਿੱਸਾ ਬਣਾਕੇ ਪਾਠਕਾਂ ਦੇ ਸਨਮੁੱਖ ਕਰਨ ਦਾ ਲਾਮਿਸਾਲ ਕਾਰਜ ਕਰ ਵਿਖਾਇਆ ਹੈ :-


----

ਗੱਲਾਂ ਪੜ੍ਹਣ ਤੇ ਸੁਣਨ ਨੂੰ ਜੱਚਦੀਆਂ ਨੇ ,

ਖੁਸ਼ਹਾਲ ਹਾਂ , ਸਾਡਾ ਖੁਸ਼ਹਾਲ ਸੂਬਾ ।

ਪੁਰੀ ਦੁਨੀਆਂ 'ਚ ਜਿਸਦੀ ਧਾਕ ਲੋਕੋ ,

ਹੈ ਪੰਜਾਬ ਇੱਕ ਬੇ ਮਸਾਲ ਸੂਬਾ ।

ਬੇਰੁਜ਼ਗਾਰਾਂ ਤੇ ਕਰਜ਼ਈ ਕਿਰਸਾਨੀਆਂ ਦਾ ,

ਖੁਸਕੁਸ਼ੀਆਂ ਦਾ ਵੇਖੋ ਕਮਾਲ ਸੂਬਾ ।

ਕਿੰਨਾ ਨਿੱਘਰ ਗਿਆ ਤੇ ਕਿੰਨਾ ਉਭਰਿਆ ਹੈ ,

ਸਭ ਜਾਣਦੇ ਸਾਲ ਦੇ ਸਾਲ ਸੂਬਾ ॥


ਸ਼ਾਇਰ ਨੰ ਵਿਸ਼ਵ ਵਿਆਪੀ ਦੋ ਵੱਡੀਆਂ ਤਾਕਤਾਂ ਦਾ ਹੱਥ ਠੋਕਾ ਬਣੀਆਂ ਰਹਿੰਦੀਆਂ ਦੇਸ਼ ਦੀਆਂ ਸਰਕਾਰਾਂ ਦੇ ਅਸਲੀ ਕਿਰਦਾਰ ਦਾ ਵੀ ਇਲਮ ਹੈ । ਜਿਸ ਕਰਕੇ ਉਹ ਮੰਨਦਾ ਹੈ ਕਿ ਉਹਨਾਂ ਦੀ ਗ਼ੁਲਾਮੀ ਹੀ ਆਮ ਆਦਮੀਂ ਦੇ ਜੀਅ ਜੰਜਾਲ ਬਣੇ ਰਹਿਣ ਦਾ ਅਸਲੀ ਕਾਰਨ ਹੈ । ਵੋਟਾਂ ਦੀ ਰਾਜਨੀਤੀ ਮੇਰੇ ਮੁਲਕ ਦੇ ਲੋਕਾਂ ਦੇ ਦੁਖਾਂ ਤਕਲੀਫ਼ਾਂ ਦਾ ਅਸਲੀ ਹੱਲ ਨਹੀਂ ਹੈ । ਸ਼ਾਇਰ ਨੂੰ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਇਸ ਰੁਝਾਨ ਦਾ ਅੰਤ ਜਰੂਰ ਹੋਵੇਗਾ ।


ਆਖਿਰ ਕਿੰਨਾ ਕੁ ਚਿਰ ਵੋਟਾਂ ਬਟੋਰੂ , ਸਕੀਮਾਂ ਦੇ ਸਹਾਰੇ ,

ਮਰਨ ਕਿਨਾਰੇ ਪਏ ਲੋਕਾਂ ਦੇ ਸਾਹ ਚੱਲਣਗੇ ਭਲਾ ।

ਮੇਰੇ ਨੇਤਾ ਕਦੋਂ ਤੱਕ ਹੋਰ , ਸਰਕਾਰੀ ਡਾਕ 'ਚ ,

ਝੂਠੇ ਵਾਅਦਿਆਂ ਦੇ ਮਨੀਆਰਡਰ ਘੱਲਣਗੇ ਭਲਾ ।

ਕਿੰਨਾ ਕੁ ਚਿਰ ਭਾਰਤ ਮਾਂ ਦੀ ਪੱਤ ਰੁਲੇਗੀ , ਇਸਦੇ ਆਪਣਿਆਂ ਦੇ ਹੀ ਪੈਰਾਂ 'ਚ ,

ਜਿਸ ਚੁੰਨੀ ਦੀ ਕੰਨੀ , ਵਿਦੇਸ਼ੀ ਵਫ਼ਾਦਾਰਾਂ ਦੇ ਕੋਲ ਹੈ ?

ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ? ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥



'ਅਧੂਰਾ ਖ਼ੁਆਬ' ਪੁਸਤਕ ਸਾਹਿਤ ਪ੍ਰੇਮੀਆਂ ਦੀ ਨਜ਼ਰ 'ਚ ਮੇਰੀ ਜਾਂਚੇ ਪਰਖ ਦੀ ਕਸਵੱਟੀ 'ਤੇ ਸ਼ਾਇਰ ਦੇ ਮਨ 'ਚ ਸਮੋਏ ਸੁਪਨਿਆਂ ਦੇ ਲਿਹਾਜ਼ ਨਾਲ ਖਰੀ ਉਤਰੇਗੀ । ਇੱਕ ਸਥਾਪਿਤ ਗੀਤਕਾਰ , ਨਿਪੁੰਨ ਪੇਸ਼ਕਾਰ ਤੋਂ ਬਾਅਦ 'ਸਾਹਿਤ ਸਿਰਜਨਾ' ਦੇ ਰਾਹ ਪਏ ਘੁਮਾਣ ਨੂੰ ਮੈਂ ਦਿਲ ਦੀਆਂ ਗਹਿਰਾਈਆਂ 'ਚ ਮੁਬਾਰਕਬਾਦ ਦਿੰਦਾਂ ਹਾ ਅਤੇ ਭਵਿੱਖ ਵਿੱਚ ਇਸ ਕਲਮ ਸੰਗ ਫੁੱਟੇ ਅਨਮੋਲ ਸ਼ਬਦਾਂ ਨੂੰ ਕਿਰਤੀ ਜਮਾਤ ਦੇ ਹੱਕ ਵਿੱਚ ਨਿਰੰਤਰਤਾ ਬਣਾਈ ਰੱਖਣ ਦੀ ਆਸ ਰੱਖਦਾ ਹਾਂ ।



ਮਿਤੀ : 18-7-2010

                                                                            ਸੁਰਿੰਦਰ ਸਿੰਘ

                                                                     ਸੀਨੀਅਰ ਨਿਊਜ਼ ਐਡੀਟਰ ,

                                                                    ਪੰਜਾਬੀ ਟ੍ਰਿਬਿਊਨ - ਚੰਡੀਗੜ੍ਹ ।
*********************************************************************


Key Words about jarnail ghuman search : punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com










No comments:

Post a Comment